ਖ਼ਾਲਸਾ ਦੀਵਾਨ ਸੁਸਾਇਟੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਦੀਵਾਨ ਸੁਸਾਇਟੀ: 13 ਮਾਰਚ 1909 ਨੂੰ ਕਨੇਡਾ ਵਿਚ ਵੈਨਕੂਵਰ ਵਿਖੇ ਇਹ ਸੁਸਾਇਟੀ ਬਣੀ ਅਤੇ ਸੇਵਾ ਸਿੰਘ ਇਸ ਦੇ ਪ੍ਰਧਾਨ ਬਣਾਏ ਗਏ। 23 ਫ਼ਰਵਰੀ 1915 ਨੂੰ ਇਸ ਦੀ ਸਥਾਪਨਾ ਸੁਸਾਇਟੀ ਐਕਟ ਅਧੀਨ ਹੋਈ ਸੀ। ਇਸਦਾ ਮੁੱਖ ਉਦੇਸ਼ ਸਿੱਖ ਵਿੱਦਿਆ ਅਤੇ ਜੀਵਨ-ਜਾਚ ਦਾ ਪ੍ਰਸਾਰ , ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਸਥਾਪਨਾ ਕਰਨ ਦੇ ਨਾਲ-ਨਾਲ ਗ੍ਰੰਥੀਆਂ ਅਤੇ ਮਿਸ਼ਨਰੀਆਂ ਦੀ ਨਿਯੁਕਤੀ ਕਰਨਾ ਸੀ। 1960 ਦੌਰਾਨ ਨਵੇਂ ਸਿੱਖ ਪ੍ਰਵਾਸੀਆਂ ਦੀ ਆਮਦ ਨਾਲ ਸੁਸਾਇਟੀ ਦੇ ਕਾਰਜ-ਖੇਤਰ ਵਿਚ ਵਾਧਾ ਹੋਇਆ। ਇਸ ਸੰਬੰਧ ਵਿਚ ਉਸ ਸਮੇਂ ਇਕ ਵੱਡਾ ਕੰਮ ਪ੍ਰਵਾਸੀਆਂ ਦੇ ਉਸ ਦੇਸ ਦੇ ਪੱਕੇ ਨਾਗਰਿਕ ਦੇ ਤੌਰ ਤੇ ਬਰਾਬਰੀ ਦੇ ਹੱਕਾਂ ਨੂੰ ਸੁਰੱਖਿਅਤ ਕਰਨਾ ਸੀ ਅਤੇ ਇਸ ਸੰਬੰਧ ਵਿਚ ਸੰਵਿਧਾਨ ਵਿਚ ਸੋਧ 1970 ਦੇ ਅਖੀਰ ਤਕ ਕਰ ਦਿੱਤੀ ਗਈ

      ਇਹ ਸੁਸਾਇਟੀ ਸਿੱਧੇ ਅਤੇ ਅਸਿੱਧੇ ਤੌਰ ਤੇ ਆਪਣੇ ਮੈਂਬਰਾਂ ਦੀਆਂ ਨਿੱਜੀ ਅਤੇ ਸਮੂਹਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਸੀ। ਉਹਨਾਂ ਨੂੰ ਨੈਤਿਕ ਸਹਾਰਾ ਪ੍ਰਦਾਨ ਕਰਨ ਤੋਂ ਇਲਾਵਾ ਇਹ ਉਹਨਾਂ ਦੀਆਂ ਮੁਲਾਕਾਤਾਂ ਲਈ ਸਮਾਜਿਕ ਕੇਂਦਰ ਵੀ ਸੀ। ਇਸ ਦੀ ਅਗਵਾਈ ਹੇਠ ਨਿਊ ਵੈਸਟਮਨਿਸਟਰ, ਐਬਟਸਫੋਰਡ, ਵਿਕਟੋਰੀਆ, ਪੋਰਟ ਐਲਬਰੂਨੀ, ਲੇਕ ਕਾਓਵੀਚਨ ਅਤੇ ਨਨੈਮੋ ਆਦਿ ਅਸਥਾਨਾਂ ਤੇ ਨਵੇਂ ਗੁਰਦੁਆਰੇ ਸਥਾਪਿਤ ਕੀਤੇ ਗਏ। ਸੁਸਾਇਟੀ ਨੇ ਇਕ ਲਾਇਬ੍ਰੇਰੀ, ਸਿੱਖ ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਅਤੇ ਗੁਰਬਾਣੀ ਗਾਇਨ ਮੁਕਾਬਲਿਆਂ ਦੀ ਸਰਪ੍ਰਸਤੀ ਕੀਤੀ। ਇਸ ਨਾਲ ਸੰਬੰਧਿਤ ਗੁਰਦੁਆਰਿਆਂ ਨੇ ਹਫ਼ਤੇ ਵਿਚ ਦੋ ਵਾਰ ਛਪਣ ਵਾਲਾ ਇਕ ਅਖ਼ਬਾਰ, ਕਨੇਡੀਅਨ ਸਿੱਖ ਸਮਾਚਾਰ ਵੀ ਪ੍ਰਕਾਸ਼ਿਤ ਕੀਤਾ। ਸੁਸਾਇਟੀ ਨੇ ਪੂਰੀ ਦ੍ਰਿੜਤਾ ਨਾਲ, ਨਾ ਕੇਵਲ ਸਿੱਖਾਂ ਦੀ ਬਲਕਿ ਸਮੂਹ ਭਾਰਤੀ ਪ੍ਰਵਾਸੀਆਂ ਦੇ ਕਾਨੂੰਨੀ ਹੱਕਾਂ ਦੀ ਮਾਨਤਾ ਲਈ ਮੁਹਿੰਮ ਅਰੰਭੀ। ਇਸ ਨੇ 1947 ਵਿਚ ਇਹਨਾਂ ਨੂੰ ਨਗਰਪਾਲਿਕਾ , ਖੇਤਰੀ ਅਤੇ ਸੰਘੀ ਪੱਧਰ ‘ਤੇ ਵੋਟ ਦਾ ਹੱਕ ਦਿਵਾਉਣ ਵਿਚ ਵੀ ਸਹਾਇਤਾ ਕੀਤੀ ਸੀ। 1951 ਵਿਚ ਇਕ ਵਿਸ਼ੇਸ਼ ਸਮਝੌਤਾ ਕਰਵਾਇਆ ਗਿਆ ਜਿਹੜਾ ਕਿ 1908 ਦੇ ਉਸ ਵਿਧਾਨ ਨੂੰ ਰੱਦ ਕਰਦਾ ਸੀ ਜਿਸ ਨੂੰ ਆਮ ਤੌਰ ਤੇ ‘ਨਿਰੰਤਰ ਯਾਤਰਾ ਵਿਧਾਨ` ਦੇ ਤੌਰ ਤੇ ਜਾਣਿਆ ਜਾਂਦਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਪ੍ਰਵਾਸੀਆਂ ਲਈ ਇਕ ਕੋਟਾ ਸਿਸਟਮ ਵੀ ਨਿਯਤ ਕਰਵਾਇਆ। ਇਹ ਸਮਝੌਤਾ 1968 ਵਿਚ ਖ਼ਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਨਵੇਂ ਪ੍ਰਵਾਸੀ ਨਿਯਮਾਂ ਅਧੀਨ, ਭਾਰਤੀ ਪ੍ਰਵਾਸੀਆਂ ਨੂੰ ਵੀ ਦੂਜੇ ਦੇਸਾਂ ਵਿਚੋਂ ਆਉਣ ਵਾਲੇ ਪ੍ਰਵਾਸੀਆਂ ਦੀ ਤਰ੍ਹਾਂ ਹੀ ਸਮਝਿਆ ਜਾਣਾ ਸੀ।


ਲੇਖਕ : ਕ.ਸ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.